Sunday, September 14, 2014

ਖਰਾਬ ਲੀਵਰ - ਲੱਛਣ ਤੇ ਇਲਾਜ | Symptoms and Cure for Damaged Liver

ਲੀਵਰ ਨੂੰ ਅਸੀਂ ਸਰੀਰ ਦੀ ਕੈਮੀਕਲ ਫੈਕਟਰੀ ਕਹਿ ਸਕਦੇ ਹਾਂ, ਜੋ 24 ਘੰਟੇ ਲਗਾਤਾਰ ਆਪਣਾ ਕੰਮ ਕਰਦੀ ਰਹਿੰਦੀ ਹੈ। ਇਹ ਸਰੀਰ ਦੀ ਰਚਨਾ ਦਾ ਅਹਿਮ ਹਿੱਸਾ ਹੈ, ਜੋ ਸਾਡੇ ਪੇਟ ਦੀਆਂ ਪਸਲੀਆਂ ਦੇ ਸੱਜੇ ਪਾਸੇ ਸਥਿਤ ਹੈ। ਲੀਵਰ ਦਾ ਮੁੱਖ ਕੰਮ ਪਿੱਤ ਨੂੰ ਰਸ ਤੋਂ ਵੱਖ ਕਰਕੇ ਯੂਰਿਕ ਐਸਿਡ ਦੇ ਰੂਪ 'ਚ ਪਿਸ਼ਾਬ ਰਾਹੀਂ ਬਾਹਰ ਕੱਢਣਾ, ਸਰੀਰ ਨੂੰ ਗਰਮੀ ਦੇਣਾ, ਚਿਕਨਾਈ ਨੂੰ ਪਚਾਉਣਾ ਅਤੇ ਖੂਨ ਵਿਚ ਰੈੱਡ ਸੈੱਲਸ ਨੂੰ ਕੰਟਰੋਲ ਕਰਨਾ ਹੁੰਦਾ ਹੈ। ਲੀਵਰ ਖਰਾਬ ਹੋਣ ਨਾਲ ਸਰੀਰ ਵਿਚ ਕਈ ਤਰ੍ਹਾਂ ਦੇ ਨੁਕਸ ਪੈ ਜਾਂਦੇ ਹਨ, ਜਿਵੇਂ ਖੂਨ ਦੀ ਕਮੀ, ਸਕਰਵੀ, ਪੀਲੀਆ ਤੇ ਲੀਵਰ ਦਾ ਵਧ ਜਾਣਾ। ਜੇ ਸਮੇਂ 'ਤੇ ਇਲਾਜ ਨਾ ਹੋ ਸਕੇ ਤਾਂ ਲੀਵਰ ਕੰਮ ਕਰਨਾ ਬੰਦ ਕਰ ਦਿੰਦਾ ਹੈ, ਜਿਸ ਨਾਲ ਕੈਂਸਰ ਤਕ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ।

  • ਲੀਵਰ ਠੀਕ ਨਾ ਹੋਣ ਨਾਲ ਭੁੱਖ ਘਟ ਜਾਂਦੀ ਹੈ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।
  • ਲੀਵਰ ਠੀਕ ਨਾ ਹੋਣ ਕਾਰਨ ਹੱਥਾਂ-ਪੈਰਾਂ ਵਿਚ ਸੋਜ, ਬੁਖਾਰ ਰਹਿਣਾ, ਕਬਜ਼ ਰਹਿਣਾ ਆਦਿ ਆਮ ਹੁੰਦਾ ਹੈ।
  • ਲੀਵਰ 'ਚ ਗੜਬੜ ਪੈਦਾ ਹੋਣ 'ਤੇ ਪਿਸ਼ਾਬ ਦਾ ਰੰਗ ਵੀ ਪੀਲਾ ਹੁੰਦਾ ਹੈ। ਸਰੀਰ 'ਤੇ ਖੁਜਲੀ ਹੋਣਾ, ਜ਼ੁਬਾਨ 'ਤੇ ਮੈਲ ਜੰਮਣੀ ਅਤੇ ਜ਼ੁਬਾਨ ਖੁਸ਼ਕ ਰਹਿਣੀ, ਵਾਲ ਝੜਨੇ ਆਦਿ ਲੱਛਣ ਵੀ ਦੇਖੇ ਜਾ ਸਕਦੇ ਹਨ।
  • ਸੁਭਾਅ ਵਿਚ ਚਿੜਚਿੜਾਪਣ ਆਉਣਾ, ਸੁਸਤੀ, ਅੱਖਾਂ 'ਚ ਸੋਜ ਆਦਿ ਵੀ ਦੇਖਣ 'ਚ ਆਉਂਦਾ ਹੈ।
  • ਲੀਵਰ 'ਚ ਗੜਬੜ ਪੈਦਾ ਹੋਣ 'ਤੇ ਡਾਕਟਰ ਦੀ ਸਲਾਹ ਨਾਲ ਦਵਾਈ ਖਾਓ ਅਤੇ ਪ੍ਰਹੇਜ਼ ਕਰੋ। ਭੋਜਨ ਵੀ ਡਾਕਟਰ ਦੇ ਦੱਸੇ ਅਨੁਸਾਰ ਹੀ ਕਰੋ। ਭੋਜਨ ਸਾਦਾ, ਘੱਟ ਮਸਾਲੇ ਵਾਲਾ ਤੇ ਭੁੰਨਿਆ-ਉਬਲਿਆ ਕਰੋ।


ਇਲਾਜ

  • ਰੋਟੀ ਬਿਨਾਂ ਘਿਓ ਵਾਲੀ ਲਵੋ। ਪਰੌਂਠਾ, ਪੂੜੀ, ਬਿਸਕੁਟ ਨਾ ਖਾਓ।
  • ਸਬਜ਼ੀਆਂ ਉਬਲੀਆਂ ਹੋਈਆਂ ਜਾਂ ਨਾਨ-ਸਟਿੱਕ ਭਾਂਡਿਆਂ ਵਿਚ ਬਣੀਆਂ ਹੀ ਖਾਓ।
  • ਤਾਜ਼ੇ ਗੰਨੇ ਤੇ ਤਾਜ਼ੀ ਗਾਜਰ ਦਾ ਜੂਸ ਫਾਇਦੇਮੰਦ ਹੁੰਦਾ ਹੈ।
  • ਕੱਚਾ ਆਂਵਲਾ, ਮੁਰੱਬਾ ਤੇ ਆਂਵਲੇ ਦੇ ਰਸ ਵਿਚ ਸ਼ਹਿਦ ਮਿਲਾ ਕੇ ਲੈਣਾ ਵੀ ਫਾਇਦੇਮੰਦ ਹੈ।
  • ਸਾਗ ਖਾਸ ਤੌਰ 'ਤੇ ਬਾਥੂ, ਚੌਲਾਈ ਖੂਨ ਵਧਾਉਣ ਵਿਚ ਮਦਦਗਾਰ ਹਨ। ਅਨਾਰ ਦਾ ਜੂਸ, ਸੰਤਰੇ ਆਦਿ ਵੀ ਲੈ ਸਕਦੇ ਹੋ।
  • ਪਾਣੀ ਵਿਚ ਗੁਲੂਕੋਜ਼ ਮਿਲਾ ਕੇ ਦਿਨ ਵਿਚ ਕਈ ਵਾਰ ਪੀਓ।
  • ਉਤੇਜਕ ਤੇ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਬਿਲਕੁਲ ਨਾ ਕਰੋ।

No comments:

Post a Comment